ਡੇਰਾ ਬਿਆਸ ਮੁਖੀ 'ਤੇ ਭਾਣਜੇ ਨੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲਾਇਆ

ਡੇਰਾ ਬਿਆਸ ਮੁਖੀ 'ਤੇ ਭਾਣਜੇ ਨੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲਾਇਆ

ਨਵੀਂ ਦਿੱਲੀ/ਏਟੀ ਨਿਊਜ਼ :
ਡੇਰਾ ਰਾਧਾ ਸੁਆਮੀ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਉੱਤੇ ਵੱਡੀ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਇਹ ਦੋਸ਼ ਢਿੱਲੋਂ ਦੇ ਹੀ ਭਾਣਜੇ ਅਤੇ ਰੈਨਬੈਕਸੀ, ਫੋਰਟਿਸ, ਰੈਲੀਗੇਅਰ ਅੰਪਾਇਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਮਲਵਿੰਦਰ ਸਿੰਘ ਨੇ ਲਾਏ ਹਨ। ਰੈਨਬੈਕਸੀ, ਫੋਰਟਿਸ, ਰੈਲੀਗੇਅਰ ਅੰਪਾਇਰ ਵਰਗੀਆਂ ਵੱਡੀਆਂ ਕੰਪਨੀਆਂ ਦੇ 22,500 ਕਰੋੜ ਰੁਪਏ ਦੇ ਘਪਲੇ ਸਬੰਧੀ ਕਾਫੀ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ, ਜਿਸ ਉੱਤੋਂ ਪਰਦਾ ਚੁਕਦਿਆਂ ਇਨ੍ਹਾਂ ਕੰਪਨੀਆਂ ਦੇ ਦੋਵਾਂ ਸਕੇ ਹਿੱਸੇਦਾਰ ਭਰਾਵਾਂ ਵਿੱਚੋਂ ਇੱਕ ਮਲਵਿੰਦਰ ਸਿੰਘ ਨੇ ਆਪਣੇ ਮਾਮੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 'ਤੇ ਹਜ਼ਾਰਾਂ ਕਰੋੜਾਂ ਰੁਪਇਆਂ ਦੀ ਘਪਲੇਬਾਜ਼ੀ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦੇਣ ਦਾ ਇਲਜ਼ਾਮ ਲਾਇਆ ਹੈ ।
ਇਹ ਸ਼ਿਕਾਇਤ ਦਿੱਲੀ ਵਿਖੇ ਆਰਥਿਕ ਅਪਰਾਧ ਵਿੰਗ ਨੂੰ ਕੀਤੀ ਗਈ ਹੈ। ਮਲਵਿੰਦਰ ਨੇ ਸ਼ਿਕਾਇਤ ਵਿੱਚ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ-ਨਾਲ ਉਸ ਦੀ ਪਤਨੀ, ਉਸ ਦੇ ਮੁੰਡੇ, ਬਾਬੇ ਦੇ ਖਾਸ ਮਿੱਤਰ ਅਤੇ ਹੋਣ ਵਾਲੇ ਕੁੜਮ ਅਤੇ ਆਪਣੇ ਸਕੇ ਭਰਾ ਸ਼ਵਿੰਦਰ ਸਿੰਘ ਦਾ ਨਾਮ ਵੀ ਲਿਖਾਇਆ ਹੈ। ਇਸ ਸ਼ਿਕਾਇਤ ਵਿੱਚ ਬਾਬੇ ਦੇ ਹੋਣ ਵਾਲੇ ਕੁੜਮ ਸੁਨੀਲ ਗੋਧਵਾਨੀ ਦਾ ਨਾਮ ਵੀ ਸ਼ਾਮਲ ਹੈ। ਬਾਬੇ ਦਾ ਛੋਟਾ ਮੁੰਡਾ ਗੁਰਕੀਰਤ ਸਿੰਘ ਢਿਲੋਂ ਗੋਧਵਾਨੀ ਦੀ ਕੁੜੀ ਨਾਲ ਮੰਗਿਆ ਹੋਇਆ ਹੈ। 
ਸ਼ਿਕਾਇਤ ਮੁਤਾਬਕ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਮਲਵਿੰਦਰ ਸਿੰਘ ਨੂੰ ਆਪਣੇ ਵਕੀਲ ਫੈਰੀਡਾ ਚੋਪੜਾ ਰਾਹੀਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਮਲਵਿੰਦਰ ਅਨੁਸਾਰ ਇਹ ਧਮਕੀ ਉਦੋਂ ਦਿੱਤੀ ਗਈ ਜਦੋਂ ਉਸ ਨੇ ਆਪਣੀ ਰਕਮ ਵਾਪਸ ਲੈਣ ਲਈ ਬਾਬੇ ਨੂੰ ਕਾਨੂੰਨੀ ਨੋਟਿਸ ਭੇਜਿਆ। ਮਲਵਿੰਦਰ ਨੇ ਇਸ ਸ਼ਿਕਾਇਤ ਰਾਹੀਂ ਕਿਹਾ ਹੈ ਕਿ ਉਸ ਨੇ ਮੁਲਜ਼ਮਾਂ ਕੋਲੋਂ 8,742 ਕਰੋੜ ਰੁਪਿਆ ਵਾਪਸ ਲੈਣਾ ਹੈ ।
ਸ਼ਿਕਾਇਤ ਅਨੁਸਾਰ ਬਾਬੇ ਅਤੇ ਗੋਧਵਾਨੀ ਅਤੇ ਦੋਵਾਂ ਪਰਿਵਾਰਾਂ ਦੇ ਹੋਰ ਮੈਂਬਰਾਂ ਦੇ ਨਾਮ 'ਤੇ ਬਣੀਆਂ ਕੰਪਨੀਆਂ ਦੇ ਖਾਤੇ 'ਚ ਦੋਵਾਂ ਭਰਾਵਾਂ ਦੀਆਂ ਕੰਪਨੀਆਂ ਦੇ 1,006.3 ਕਰੋੜ ਰੁਪਏ ਜਮਾਂ ਕਰਵਾਏ ਗਏ ਹਨ। ਇਹ ਪੈਸਾ ਲੋਨ ਦੇ ਰੂਪ ਵਿੱਚ ਦਿੱਤਾ ਗਿਆ।
ਬਾਬੇ 'ਤੇ ਡੇਰਾ ਬਿਆਸ ਦੇ ਨਾਂ 'ਤੇ ਭੂ-ਮਾਫੀਆ ਚਲਾਉਣ ਦੇ ਵੀ ਲੱਗੇ ਹਨ ਦੋਸ਼ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਖਿਲਾਫ ਪਹਿਲਾਂ ਵੀ ਬਿਆਸ ਸਥਿਤ ਡੇਰੇ ਦੇ ਨਾਲ ਲਗਦੀ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਨੂੰ ਧੱਕੇ ਨਾਲ ਦੱਬਣ ਦੇ ਦੋਸ਼ ਲਗਦੇ ਰਹੇ ਹਨ। ਇਸ ਤੋਂ ਇਲਾਵਾ ਡੇਰਾ ਬਿਆਸ 'ਤੇ ਦੋਸ਼ ਲਗਦਾ ਹੈ ਕਿ ਉਨ੍ਹਾਂ ਬਿਆਸ ਦਰਿਆ ਦੇ ਕੁਦਰਤੀ ਵਹਿਣ ਨੂੰ ਬੰਨ੍ਹ ਬਣਾ ਕੇ ਤਬਦੀਲ ਕਰ ਦਿੱਤਾ ਜਿਸ ਨਾਲ ਦਰਿਆ ਦੇ ਦੂਜੇ ਪਾਸੇ ਦੀ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਦਰਿਆ ਵਿਚ ਮਿਲ ਗਈ।